Home Writings Video Files Audio Files Dasam Quest SantSipahi Home

 ਜਗਤ ਤਮਾਸ਼ਾ

ਪ੍ਰੋ. ਦਰਸ਼ਨ ਸਿੰਘ

 

ਹਮ ਇਹ ਕਾਜ ਜਗਤ ਮੋ ਆਏ। ਧਰਮ ਹੇਤ ਗੁਰਦੇਵ ਪਠਾਏ।
ਜਹਾਂ ਤਹਾਂ ਤੁਮ ਧਰਮ ਬਿਥਾਰੋ। ਦੁਸਟ ਦੋਖੀਅਨਿ ਪਕਰਿ ਪਛਾਰੋ।
ਯਾਹੀ ਕਾਜ ਧਰਾ ਹਮ ਜਨਮੰ। ਸਮਝ ਲੇਹੁ ਸਾਧੂ ਸਭ ਮਨਮੰ।
ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। (ਬਚਿਤ੍ਰ ਨਾਟਕ)

ਕਹਿੰਦੇ ਹਨ ਧਰਮ ਨੂੰ ਚਲਾਉਣ ਆਇਆ ਹਾਂ ਅਤੇ ਚਲਦ ਉਹ ਹੈ ਜਿਹੜਾ ਰੁੱਕ ਰਿਹਾ ਹੋਵੇ। ਤੇ ਧਰਮ ਰੁੱਕਦਾ ਕਦੋਂ ਹੈ? ਸਤਿਗੁਰ ਬਾਣੀ ’ਚ ਕਹਿੰਦੇ ਨੇ- ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ। ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ। (ਪੰਨਾ 663) ‘ਗਤਿ ਰਹੀ’ ਦਾ ਅਰਥ ਹੈ-ਗਤ ਕਹਿੰਦੇ ਨੇ ਗਤੀ ਨੂੰ, ਇਕ ਰਸ (ਇਕ ਲਯ) ਵਿੱਚ ਚਲ ਰਹੀ ਚੀਜ਼ ਨੂੰ ਗਤੀਸ਼ੀਲ ਆਖਦੇ ਹਨ-ਇਕ ਸਗਤੀ ਨਾਲ ਚੱਲ ਰਹੀ ਹੈ। ਸੰਗੀਤ ਵਿੱਚ ਤਬਲੇ ਦੀ ਕਿਸੇ ਚਲਦੇ ਠੇਕੇ ਨੂੰ ਵੀ ਗਤ ਆਖਦੇ ਹਨ। ਧਰਮ ਕੀ ਗਤਿ ਰਹੀ ਤੋਂ ਭਾਵ ਹੈ ਹੁਣ ਚਲਦਾ ਨਹੀਂ ਰਿਹਾ, ਰੁਕ ਰਿਹਾ ਹੈ ਅਤੇ ਰੁਕ ਰਹੇ ਦੀ ਨਿਸ਼ਾਨੀ ਹੈ, ਕਹਿੰਦੇ ਨੇ ਸੁਭਾਅ ਇਹ ਹੈ ਕਿ ‘ਸ੍ਰਿਸਟੀ ਸਭ ਕਿ ਵਰਨ ਹੋਈ...।’ ਇਹਦਾ ਮਤਲਬ ਗੁਰੂ ਇਹ ਮਹਿਸੂਸ ਕਰਦਾ ਹੈ ਕਿ ਸ੍ਰਿਸ਼ਟੀ ਇਕ ਵਰਨ ਨਹੀਂ ਹੋਣੀ ਚਾਹੀਦੀ। ਬਾਣੀ ਅੰਦਰ ਹੋਰ ਥਾਵੇਂ ਵੀ ਗੁਰੂ ਸਾਹਿਬ ਨੇ ਇਹ ਖ਼ਿਆਲ ਦਿੱਤਾ- ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ 747-748)

ਗੁਰੂ ਦੇ ਦਰ ’ਤੇ ਕਿਸੇ ਵਰਨ ਵਿੱਚੋਂ ਕੋਈ ਆਵੇ, ਗੁਰੂ ਦਾ ਉਪਦੇਸ਼ ਧਾਰਨ ਕਰੇ, ਉਸ ਨੂੰ ਥਾਂ ਮਿਲਦੀ ਹੈ। ਪਰ ਇਥੇ ਸ੍ਰਿਸ਼ਟ ਸਭ ਇਕ ਵਰਨ ਹੋਈ ਤੋਂ ਭਾਵ ਹੋਰ ਹੈ ਜਿਹੜਾ ਸਮਝਣਾ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇਹ ਪ੍ਰਤੀਤ ਕੀਤਾ ਕਿ ਸੰਸਾਰ ਦਾ ਦੁਖ ਕੀ ਹੈ? ਚਾਰ ਵਰਨ, ਚਾਰ ਮਜ਼੍ਹਬਾਂ ਜਗ ਵਿੱਚ ਹਿੰਦੂ ਮੁਸਲਮਾਨੇ : ‘ਖੁਦੀ ਬਖੀਲੀ ਤਕਬਰੀ ਖਿਚੋਤਾਣ ਕਰੇਨ ਧਿਙਾਣੇ’। ਇਕ ਵੱਖਰੀ ਪਉੜੀ ’ਚ ਭਾਈ ਸਾਹਿਬ ਕਹਿੰਦੇ ਨੇ-ਵਰਨਾ ਵਰਨ ਨਾ ਭਾਵਨੀ- ਵਰਨ ਨੂੰ ਵਰਨ ਭਾਉਂਦਾ ਨਹੀਂ, ਇਕ ਦੂਜੇ ਨਾਲ ਤਕਰਾਰ ਹੈ, ਇਕ ਵਰਨ ਦੂਜੇ ਵਰਨ ਨੂੰ ਚੰਗਾ ਨਹੀਂ ਲੱਗਦਾ। ਤੇ ਇਥੇ ਸੋਚਣਾ ਹੈ-ਇਹ ਮਤਲਬ ਇਕ ਵਰਨ ਨਹੀਂ ਹੋਣਾ ਚਾਹੀਦਾ? ਦੋ ਵਰਨ ਨਿਰੰਕਾਰ ਨੇ ਪੈਦਾ ਕੀਤੇ, ਰੱਬ ਨੇ ਪੈਦਾ ਕੀਤੇ ਜਿਸ ਦਾ ਜ਼ਿਕਰ ਸਤਿਗੁਰੂ ਨੇ ਬਾਣੀ ’ਚ ਕੀਤਾ ਹੈ, ਕਹਿੰਦੇ ਨੇ- ਬਿਖੁ ਅੰਮ੍ਰਿਤੁ ਕਰਤਾਰਿ ਉਪਾਏ॥ ਸੰਸਾਰ ਬਿਰਖ ਕਉ ਦੁਇ ਫਲ ਲਾਏ॥ (ਪੰਨਾ 1172)

ਰੱਬ ਨੇ ਦੋ ਵਰਨ ਪੈਦਾ ਕੀਤੇ, ਪੈਦਾਇਸ਼ ਤਾਂ ਉਹਦੀ ਹੈ ਤੇ ਮਨੁੱਖ ਦੇ ਸਾਹਮਣੇ ਚੋਣ ਰੱਖ ਦਿੱਤੀ ਹੈ। ਇਕ ਪਾਪ ਵੀ ਹੈ, ਇਕ ਪੁੰਨ ਵੀ ਹੈ। ਜੇ ਸੰਸਾਰ ਅੰਦਰ ਕੇਵਲ ਪੁੰਨ ਹੁੰਦਾ ਤਾਂ ਇਸ ਸਾਧਸੰਗਤ ਦੀ ਲੋੜ ਹੀ ਨਾ ਪੈਂਦੀ, ਗੁਰਮਤ ਦੀ ਤੇ ਗੁਰੂ ਦੀ ਲੋੜ ਨਾ ਪੈਂਦੀ। ਗੁਰੂ ਕੋਲ ਜੇ ਸਿੱਖ ਨੇ ਆ ਕੇ ਬੈਠਣਾ ਹੈ ਤਾਂ ਇਸੇ ਲਈ ਬੈਠਣਾ ਹੈ ਤਾਂ ਜੋ ਪਤਾ ਲੱਗ ਜਾਏ, ਇਥੇ ਆ ਕੇ ਪੁੱਛ ਸਕੇ ਕਿ ਪਾਪ ਕੀ ਹੈ, ਪੁੰਨ ਕੀ ਹੈ? ਗੁਰੂ ਨੇ ਬਾਣੀ ’ਚ ਆਖਿਆ ਹੈ, ਕਹਿਣ ਲੱਗੇ- ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ। ਉਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥ (ਪੰਨਾ 146) ਪਾਪ ਤੇ ਪੁੰਨ ਹੈ ਹੀ ਨਹੀਂ ਸੀ, ਜਦੋਂ ਇਹ ਸ੍ਰਿਸ਼ਟੀ ਨਹੀਂ ਸੀ- ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ॥ ਪਾਪ ਪੁੰਨ ਤਬ ਕਹ ਤੇ ਹੋਤਾ॥ (290)

ਹੁਣ ਜਦੋਂ ਸ੍ਰਿਸ਼ਟੀ ਬਣੀ, ਬਣਾਉਣ ਵਾਲੇ ਨੇ ਦੋ ਚੀਜ਼ਾਂ ਤਾਂ ਆਮ੍ਹੋ-ਸਾਹਮਣੇ ਰੱਖ ਦਿੱਤੀਆਂ। ਇਕ ਪਾਸੇ ਚੰਗਿਆਈਆਂ, ਇਕ ਪਾਸੇ ਬੁਰਾਈਆਂ ਤੇ ਮਨੁੱਖ ਦਾ ਤਮਾਸ਼ਾ ਵੇਖਿਆ ਤੇ ਵੇਖਿਆ ਕੋਈ ‘ਚੰਗਿਆਈ ਆਲਿਕ ਕਰੇ ਬੁਰਿਆਈ ਹੋਏ ਸੇਰ।’ ਇਕ ਪਾਸੇ ਅੰਧੇਰਾ ਬਣਾ ਦਿੱਤਾ, ਇਕ ਪਾਸੇ ਰੌਸ਼ਨੀ ਬਣਾ ਦਿੱਤੀ। ਨੇਕੀ ਤੇ ਬਦੀ ਆਮ੍ਹੋ-ਸਾਹਮਣੇ ਰਖ ਦਿੱਤੀ, ਸੱਚ ਤੇ ਝੂਠ ਆਮ੍ਹੋ-ਸਾਹਮਣੇ ਟਿਕਾ ਦਿੱਤੇ-ਇਹ ਦੋ ਵਰਨ ਪੈਦਾ ਕੀਤੇ। ਗੁਰਮੁਖ ਤੇ ਮਨਮੁਖ ਇਸ ਸੰਸਾਰ ਵਿੱਚ ਪੈਦਾ ਹੋਏ, ਆਸਤਿਕ ਤੇ ਨਾਸਤਿਕ ਇਸ ਸੰਸਾਰ ਵਿੱਚ ਪੈਦਾ ਹੋਏ। ਪਰ ਗੁਰੂ ਕਹਿੰਦੇ ਨੇ ਮੈਨੂੰ ਪ੍ਰੇਸ਼ਾਨੀ ਹੋ ਗਈ ਜਦੋਂ ਮੈਂ ਵੇਖਿਆ ਕਿ ਸਾਰੀ ਸ੍ਰਿਸ਼ਟੀ ਧਰਮ ਛੱਡਣ ਵਾਲੇ ਵਰਨ ਵਿੱਚ ਇਕ ਹੋ ਰਹੀ ਹੈ, ਕਿਉਂਕਿ ਪਹਿਲੀ ਲਾਈਨ ’ਚ ਕਹਿ ਦਿੱਤਾ ਹੈ-‘ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ’ ਸੰਸਾਰ ਅੰਦਰ ਦੋ ਵਰਨ ਤਾਂ ਪੈਦਾ ਹੋਏ ਹੀ ਸਨ ਅਤੇ ਜੇ ਕੁਝ ਛੱਡ ਦਿੰਦੇ, ਕੁਝ ਗ੍ਰਹਿਣ ਕਰ ਲੈਂਦੇ ਤਾਂ ਮੈਂ ਆਖਦਾ-ਚਲੋ ਜਿਹੜੇ ਗ੍ਰਹਿਣ ਕਰਨ ਵਾਲੇ ਨੇ, ਉਹ ਅਗਾਂਹ ਛੱਡਣ ਵਾਲਿਆਂ ਨੂੰ ਪ੍ਰੇਰ ਲੈਣਗੇ। ਪਰ ਕਹਿਣ ਲੱਗੇ-ਦੁਖ ਦੀ ਗੱਲ, ਧਰਮ ਰੁੱਕਦਾ ਉਦੋਂ ਦਿੱਸਿਆ ਜਦੋਂ ਇਹ ਵੇਖਿਆ ਕਿ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ’ ਪਰ ਜਿਨ੍ਹਾਂ ਨੇ ਧਰਮ ਨੂੰ ਗ੍ਰਹਿਣ ਕਰਨਾ ਸੀ, ਉਹ ਵੀ ਧਰਮ ਛੱਡਣ ਵਾਲਿਆਂ ਵਿੱਚ ਸ਼ਾਮਲ ਹੋ ਗਏ। ਜੇ ਕੁਝ ਗ੍ਰਹਿਣ ਕਰਨ ਵਾਲੇ ਵੀ ਹੁੰਦੇ ਤਾਂ ਧਰਮ ਚਲਦਾ ਰਖਦੇ, ਧਰਮ ਚਲਦਾ ਰਹਿੰਦਾ।

ਕਈ ਵਾਰ ਖ਼ਤਰਾ ਵੀ ਪੈਦਾ ਹੋ ਜਾਏ ਕਿਸੇ ਚੀਜ਼ ਦੇ ਖ਼ਤਮ ਹੋਣ ਦਾ ਤਾਂ ਆਪਾਂ ਕਿਸੇ ਚੀਜ਼ ਨੂੰ ਚੱਲਦਾ ਰੱਖਣ ਲਈ ਕਹਿੰਦੇ ਹਾਂ ਕਿ ਫ਼ਿਕਰ ਵਾਲੀ ਗੱਲ ਨਹੀਂ ਸੱਚ ਦਾ ਬੀਜ ਕਦੇ ਨਾਸ ਨਹੀਂ ਹੁੰਦਾ, ਇਕ ਮਨ ਅੰਦਰ ਤਸੱਲੀ ਦੇਣ ਲਈ। ਉਹਦਾ ਮਤਲਬ ਕੀ ਹੈ? ਬੀਜ ਕਿਉਂਕਿ ਚਲਦਾ ਦਿੱਸਦਾ ਹੈ ਭਾਵੇਂ ਇਕ ਹੋਵੇ, ਉਹ ਜਿਹੜਾ ਇਕ ਹੈ ਉਸੇ ਬੀਜ ਨੇ ਕੱਲ੍ਹ ਨੂੰ ਪੰਜਾਹ ਬੀਜ ਹੋਰ ਪੈਦਾ ਕਰ ਲੈਣੇ ਨੇ। ਬੂਟਾ ਬਣਨਾ ਹੈ, ਬੂਟੇ ਨੇ ਫੇਰ ਬੀਜ ਪੈਦਾ ਕਰ ਲੈਣੇ ਨੇ, ਉਹਨਾਂ ਪੰਜਾਹ ਦੇ ਨਾਲ ਫੇਰ ਪੰਜਾਹ-ਪੰਜਾਹ ਹੋਰ ਬੀਜ ਪੈਦਾ ਹੋ ਜਾਣੇ ਨੇ, ਫੇਰ ਸੈਂਕੜਿਆਂ ਦੀ ਤਾਦਾਦ ਵਿੱਚ, ਹਜ਼ਾਰਾਂ ਦੀ ਤਾਦਾਦ ਵਿੱਚ ਹੋ ਜਾਣੇ ਨੇ। ਇਸ ਲਈ ਤਾਂ ਕਿਸੇ ਥਾਂ ਤੇ ਇਕ ਵੀ ਵੱਧ ਗਿਆ, ਬੀਜ ਦੇ ਰੂਪ ਵਿੱਚ ਦੇਖ ਕੇ ਮਨੁੱਖ ਨੂੰ ਤਸੱਲੀ ਹੋ ਗਈ। ਤੇ ਗੁਰੂ ਕਹਿੰਦੇ ਨੇ ਕਿ ਜੇ ਭਲਾ ਇਸ ਨਾਸਤਿਕ ਸੰਸਾਰ ਵਿੱਚ, ਇਸ ਅਧਰਮੀ ਸੰਸਾਰ ਅੰਦਰ ਜਿਥੇ ਲੋਕਾਂ ਨੇ ਧਰਮ ਛੱਡ ਦਿੱਤਾ ਹੋਵੇ, ਉਥੇ ਕੁਝ ਧਰਮੀ ਰਹਿ ਜਾਣ ਤਾਂ ਮੈਂ ਸਮਝਾਂ ਕਿ ਕੋਈ ਖ਼ਤਰਾ ਨਹੀਂ, ਧਰਮ ਦੀ ਦੁਨੀਆ ਚਲਦਰਹੇਗੀ, ਧਰਮ ਦੀ ਗਤੀ ਬਣੀ ਰਹੇਗੀ। ਪਰ ਮੈਨੂੰ ਮਹਿਸੂਸ ਇਹ ਹੋਇਆ ਕਿ ਜਿਨ੍ਹਾਂ ਨੇ ਧਰਮ ਦੀ ਗਤੀ ਨੂੰ ਚਾਲੂ ਰੱਖਣਾ ਸੀ, ਜਿਹੜੇ ਧਰਮ ਦੇ ਠੇਕੇਦਾਰ ਸਨ ਉਹ ਵੀ ਅਧਰਮੀਆਂ ਵਿੱਚ ਸ਼ਾਮਲ ਹੋ ਗਏ। ਬਸ, ਇਉਂ ਮੈਨੂੰ ਦਿੱਸਿਆ ਕਿ ‘ਧਰਮ ਕੀ ਗਤਿ ਰਹੀ’ ਜਿਵੇਂ ਧਰਮ ਦੀ ਗਤੀ ਰੁੱਕ ਰਹੀ ਹੋਵੇ।

ਗੁਰੂ ਦਸਮ ਪਾਤਸ਼ਾਹ ਵੀ ਕਹਿੰਦੇ ਹਨ-ਜਦੋਂ ਐਸਾ ਸਮਾਂ ਆਇਆ, ਮੈਨੂੰ ਇਹ ਗੱਲ ਆਖ ਕੇ ਭੇਜਿਆ ਗਿਆ, ਧਰਮ ਦੀ ਗਤ ਰੁੱਕ ਰਹੀ ਹੈ, ਇਸ ਲਈ ਇਸ ਰੁੱਕਦੀ ਹੋਈ ਗਤੀ ਨੂੰ ਗਤੀਸ਼ੀਲ ਕਰੋ। ਜਾਹ ਤਹਾ ਤੈ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥ (ਬਚਿਤ੍ਰ ਨਾਟਕ) ਰੁਕੱਦੀ ਹੋਈ ਗਤੀ ਨੂੰ ਚਲਦਾ ਰਖ, ਜਿਹੜੇ ਲੋਕ ਕਬੁੱਧੀ ਕਰਦੇ ਨੇ, ਉਹਨਾਂ ਲੋਕਾਂ ਨੂੰ ਹਟਾ। ਜਾਂ ਉਹ ਕਬੁੱਧੀ ਛੱਡ ਦੇਣ ਜਾਂ ਹੱਟ ਜਾਣ। ਨਾਲ ਹੀ ਗੁਰੂ ਨੇ ਇਕ ਹੋਰ ਖ਼ੂਬਸੂਰਤ ਖ਼ਿਆਲ ਦੇ ਦਿੱਤਾ, ਕਹਿਣ ਲੱਗੇ-ਜਦੋਂ ਹਟਾਏਂਗਾ ਹੋ ਸਕਦਾ ਹੈ, ਤੇਰੇ ਨਾਲ ਵਿਰੋਧ ਹੋਵੇ ਪਰ ਦੁਨੀਆ ਨੂੰ ਆਖ ਦੇਈਂ-ਭਲਿਓ! ਮੈਂ ਤੁਹਾਡਾ ਵੈਰੀ ਨਹੀਂ, ਮੇਰੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ- ਜਮ ਤਿਨ ਕਹੀ ਤਿਨੈ ਤਿਮ ਕਹਿ ਹੋਂ। ਅਉਰ ਕਿਸੂ ਤੇ ਬੈਰ ਨ ਗਹਿ ਹੋਂ॥ (ਬਚਿਤ੍ਰ ਨਾਟਕ) ਮੈਂ ਤਾਂ ਮੇਰੇ ਮਾਲਿਕ ਨੇ ਜੋ ਆਖਿਆ ਹੈ, ਉਹ ਕਹਿਣ ਆਇਆ ਹਾਂ ਤੇ ਜੋ ਕੁਝ ਗੱਲ ਵੀ ਕਰਾਂ ਉਹ ਐਵੇਂ ਨਾ ਕਰਾਂ, ਤਮਾਸ਼ਾ ਵੇਖ ਕੇ ਕਰਾਂ। ਇਸ ਲਈ ਲਫ਼ਜ਼ ਵਰਤੇ, ਕਹਿਣ ਲੱਗੇ- ਮੈ ਹੋ ਪਰਮ ਪੁਰਖ ਕੋ ਦਾਸਾ। ਦੇਖਨ ਆਯੋ ਜਗਤ ਤਮਾਸਾ। (ਬਚਿਤ੍ਰ ਨਾਟਕ) ਹੁਣ ਇਥੇ ਰੁੱਕਣਾ ਹੈ-ਕੀ ਕੋਈ ਅੱਖਾਂ ਬੰਦ ਕਰਕੇ ਵੀ ਤਮਾਸ਼ਾ ਵੇਖ ਸਕਦਾ ਹੈ? ਭਲਾ ਕੋਈ ਸਮਾਧੀ ਲਾ ਕੇ, ਅੱਖਾਂ ਬੰਦ ਕਰਕੇ, ਖ਼ਾਮੋਸ਼ ਹੋ ਕੇ ਬੈਠਾ ਹੋਵੇ ਤਾਂ ਉਹ ਤਮਾਸ਼ਾ ਵੇਖ ਸਕਦਾ ਹੈ? ਤਮਾਸ਼ਾ ਵੇਖਣਾ ਹੈ ਤਾਂ ਅੱਖਾ ਨਹੀਂ ਬੰਦ ਕਰਨੀਆਂ। ਅੱਖਾਂ ਬੰਦ ਕਰਨ ਵਾਲਾ ਕਦੇ ਤਮਾਸ਼ਾ ਨਹੀਂ ਵੇਖ ਸਕਦਾ। ਤਮਾਸ਼ਾ ਉਹੀ ਵੇਖੇਗਾ ਜਿਹੜਾ ਅੱਖਾਂ ਖੋਲੇਗਾ। ਜ਼ਰੂਰੀ ਨਹੀਂ ਕਿ ਸੰਸਾਰ ਦੀਆਂ ਬਣਾਈਆਂ ਹੋਈਆਂ ਫ਼ਿਲਮਾਂ ਦਾ ਨਾਂ ਹੀ ਤਮਾਸ਼ਾ ਹੈ, ਇਹ ਸੰਸਾਰ ਵੀ ਇਕ ਤਮਾਸ਼ਾ ਹੈ। ਇਸ ਦੁਨੀਆ ਦੇ, ਸੰਸਾਰ ਦੇ ਮੰਚ ’ਤੇ ਜੋ ਕੁਝ ਹੋ ਰਿਹਾ ਹੈ ਇਹ ਵੀ ਇਕ ਤਮਾਸ਼ਾ ਹੈ ਕਿਉਂਕਿ ਇਸ ਨੂੰ ਤਮਾਸ਼ਾ ਸਤਿਗੁਰੂ ਦੀ ਬਾਣੀ ਨੇ ਵੀ ਮੰਨਿਆ ਹੈ, ਕਹਿੰਦੇ ਨੇ- ਵਾਹੁ ਵਾਹੁ ਕਾ ਬਡਾ ਤਮਾਸਾ॥ (ਪੰਨਾ 1403) ਬਾਜੀਗਰ ਡੰਕ ਬਜਾਈ॥ ਸਭ ਖਲਕ ਤਮਾਸੇ ਆਈ॥ (ਪੰਨਾ 655)

ਤਮਾਸ਼ੇ ਦਾ ਅੱਖਰੀ ਅਰਥ ਕੀ ਹੈ? ਤਮਾਸ਼ੇ ਵਿੱਚ ਦੋ ਚੀਜ਼ਾਂ ਕੰਮ ਕਰਦੀਆਂ ਨੇ, ਤਮਾਸ਼ਾ ਕਹਿੰਦੇ ਹੀ ਉਦੋਂ ਹਨ ਜਦੋਂ ਵਿਸ਼ਾ (theme) ਅਸਲ ਹੋਵੇ, ਵੀਚਾਰ (thought) ਅਸਲ ਹੋਵੇ ਪਰ ਉਸ thought ਦੀ ਬਣਤਰ ਬਣਾ ਕੇ ਪੇਸ਼ (part) ਕਰਨ ਵਾਲਾ ਨਕਲ ਹੋਵੇ। ਇਹ ਗੱਲ ਬੜੀ ਸਮਝਣ ਵਾਲੀ ਹੈ, ਇਕ ਆਦਮੀ ਸੱਚਮੁੱਚ ਲੜ ਰਿਹਾ ਹੈ, ਜ਼ਖ਼ਮੀ ਹੋ ਗਿਆ ਹੈ, ਕਿਤੇ ਖੂਨ ਖ਼ਰਾਬਾ ਹੋ ਰਿਹਾ ਹੈ। ਕਿਤੇ ਕੋਈ ਚੋਰ ਚੋਰੀ ਕਰ ਰਿਹਾ ਦੇਖੋਗੇ ਤਾਂ ਫ਼ੌਰਨ ਪੁਲਿਸ ਨੂੰ ਖ਼ਬਰ ਦਿਓਗੇ ਫ਼ੋਨ ਕਰੋਗੇ, ਤੁਸੀਂ ਤਮਾਸ਼ਾ ਤਾਂ ਨਹੀਂ ਆਖੋਗੇ। ਪਰ ਫ਼ਿਲਮਾਂ ਵਿੱਚ ਵੀ ਲੋਕ ਲੜਦੇ ਹਨ, ਖੂਨ-ਖਰਾਬਾ ਹੁੰਦਾ ਹੈ, ਚੋਰੀਆਂ ਡਾਕੇ ਹੁੰਦੇ ਹਨ ਤੇ ਕਦੇ ਕਿਸੇ ਵੇਖਣ ਵਾਲੇ ਨੇ ਪੁਲਿਸ ਨੂੰ ਫ਼ੋਨ ਨਹੀਂ ਕੀਤਾ। ਉਹ ਨੂੰ ਕਦੀ ਆਖਿਆ ਹੈ ਕਿ ਇਹ ਅਸਲ ਲੜਾਈ ਹੈ। ਲੜਾਈ ਹੈ ਪਰ ਕਿਸੇ ਦੀ ਨਕਲ ਹੈ, ਉਸ ਨੂੰ ਤਮਾਸ਼ਾ ਆਖਦੇ ਹਨ। ਇਹਦਾ ਮਤਲਬ ਹਰ ਨਕਲ ਦੇ ਪਿੱਛੇ ਕੋਈ ਅਸਲ ਖੜ੍ਹੀ ਹੈ। ਰੋਜ਼ਾਨਾ ਜੀਵਨ ਵਿੱਚ ਵੀ ਤਕਦੇ ਹਾਂ, ਜੇ ਕਿਤੇ ਬਜ਼ਾਰ ਵਿੱਚ ਦੋ ਭਰਾ ਲੜ ਰਹੇ ਹੋਣ, ਲਹੂ- ਲੁਹਾਨ ਹੋ ਜਾਣ, ਕੋਈ ਮਨੁੱਖ ਪਾਸੇ (side) ’ਤੇ ਖਲੋਤਾ ਹੱਸ ਰਿਹਾ ਹੋਵੇ, ਦੇਖ ਰਿਹਾ ਹੋਵੇ ਤਾਂ ਕੋਈ ਸਿਆਣਾ ਆਖੇਗਾ-ਭਲਿਆ! ਇਹ ਕੋਈ ਤਮਾਸ਼ਾ ਹੈ। ਉਸ ਨੂੰ ਤਮਾਸ਼ਾ ਨਹੀਂ ਕਹੇਗਾ, ਇਹ ਅਸਲ ਵਿੱਚ ਲੜ ਰਹੇ ਨੇ। ਪਰ ਕਿਸੇ ਭਰਾਵਾਂ ਦੀ ਲੜਾਈ ਨੂੰ ਕੋਈ ਕਿਸੇ ਫ਼ਿਲਮ ਵਿੱਚ ਫ਼ਿਲਮਾ ਦੇਵੇ, ਉਥੇ ਵੀ ਦੋ ਭੂਮਿਕਾ (part) ਕਰਨ ਵਾਲੇ ਜਿਹੜੇ ਪਾਤਰ, ਅਦਾਕਾਰ ਆਪਸ ਵਿੱਚ ਭਰਾ ਦੇ ਰੂਪ ਵਿੱਚ ਆ ਜਾਣ ਤੇ ਉਸੇ ਤਰ੍ਹਾਂ ਲੜ ਰਹੇ ਹੋਣ ਤਾਂ ਉਹਨੂੰ ਵੇਖਣ ਵਾਲਾ ਹਰ ਦਰਸ਼ਕ ਆਖੇਗਾ ਕਿ ਮੈਂ ਤਮਾਸ਼ਾ ਪਿਆ ਵੇਖਦਾ ਹਾਂ ਕਿਉਂਕਿ ਤਮਾਸ਼ਾ ਉਦੋਂ ਬਣ ਗਿਆ ਹੈ। ਹੁਣ ਲੜਾਈ ਤਾਂ ਅਸਲ ਸੀ ਪਰ ਉਸ ਨੂੰ ਪਾਰਟ ਕਰਨ ਵਾਲਾ ਜਿਹੜਾ ਹੈ ਉਹ ਨਕਲ ਹੈ, ਉਹ ਤਾਂ ਕੇਵਲ ਪਾਰਟ ਹੀ ਕਰ ਰਿਹਾ ਹੈ, ਉਹਦੇ ਕਪੜੇ ਹੀ ਪਾ ਕੇ ਬੈਠਾ ਹੈ। ਜਿਵੇਂ ਅਕਬਰ ਦੀ ਕਹਾਣੀ ਤਾਂ ਅਸਲ ਸੀ ਪਰ ਅੱਜ ਅਕਬਰ ਦੀ ਕਹਾਣੀ ਨੂੰ ਕਿਸੇ ਫ਼ਿਲਮ ਵਿੱਚ ਫ਼ਿਲਮਾਉਣ ਵਾਲਾ ਜਿਹੜਾ ਪਾਤਰ ਬੈਠਾ ਹੈ, ਉਹ ਨਕਲ ਹੈ, ਉਸ ਨੂੰ ਤਮਾਸ਼ਾ ਕਹਿੰਦੇ ਨੇ। ਜਦੋਂ ਕਦੇ ਅਸਲ ਰੂਪ ਵਿੱਚ ਅਕਬਰ ਕਿਸੇ ਤਖ਼ਤ ’ਤੇ ਬੈਠਾ ਹੋਵੇਗਾ, ਉਹਦੇ ਬੈਠਣ ਨੂੰ ਕਦੇ ਕਿਸੇ ਨੇ ਤਮਾਸ਼ਾ ਨਹੀਂ ਆਖਿਆ ਹੋਵੇਗਾ। ਪਰ ਉਹਦੀ ਅਸਲ ਨੂੰ ਕਦੇ ਕੋਈ ਨਕਲ ਰੂਪ ਵਿੱਚ ਕਰ ਰਿਹਾ ਹੋਵੇ, ਤਮਾਸ਼ਾ ਉਦੋਂ ਬਣੇਗਾ। ਬਸ, ਇਹ ਇਕ ਗੱਲ ਸਮਝ ਕੇ ਅੱਗੇ ਤੁਰਨਾ ਹੈ। ਇਹਦਾ ਮਤਲਬ ਹੈ ਹਰ ਤਮਾਸ਼ਾ ਉਸ ਨੂੰ ਆਖਿਆ ਜਾਂਦਾ ਹੈ ਜਿਹਦੇ ਪਿੱਛੇ ਟਹੲਮੲ ਅਸਲ ਹੋਵੇ ਪਰ ਪਾਰਟ ਕਰਨ ਵਾਲਾ ਕੋਈ ਨਕਲ ਹੋਵੇ। ਰੱਬ ਸੱਚ ਹੈ ਅਤੇ ‘ਇਹ ਜਗ ਸਚੇ ਕੀ ਹੈ ਕੋਠੜੀ’ ਹੈ ਪਰ ਇਸ ਜਗਤ ਦੇ ਮੰਚ ਦੇ ਪਾਤਰ ਮਨੁੱਖ ਝੂਠ ਹੈ, ਇਹਦਾ ਪਾਰਟ ਵੀ ਝੂਠਾ ਹੈ। ਪਰ ਇਸ ਝੂਠ ਦੇ ਪਾਤਰਾਂ ਦੇ ਮੰਚ ਸੰਸਾਰ ਵਿੱਚ ਕੁਝ ਰੱਬ ਦੇ ਸੱਚੇ ਪਾਤਰ ਵੀ ਹਨ, ਉਹ ਦੂਜਾ ਵੱਖਰਾ ਵਰਨ ਹਨ- ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍ਰ ਕੀ ਕਥਾ ਨਿਰਾਰੀ ਰੇ॥ ਆਵਹਿ ਨ ਜਾਵਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ॥ (ਪੰਨਾ 855)

ਇਉਂ ਸੱਚ ਤੇ ਝੂਠ, ਧਰਮ ਤੇ ਅਧਰਮ ਦੋ ਵਰਨ ਹੋ ਗਏ। ਪਰ ਜੇ ਸੱਚ ਦੇ ਪਾਤਰ, ਸੱਚ ਦੀ ਖੇਡ ਖੇਡਣ ਵਾਲੇ ਵੀ ਝੂਠ ਦੀ ਖੇਡ ਵਿੱਚ ਸ਼ਾਮਿਲ ਹੋ ਕੇ ਇਕ ਵਰਨ ਹੋ ਜਾਣ ਤਾਂ ਰੱਬ ਨੂੰ ਫ਼ਿਕਰ ਹੋਵੇਗਾ ਹੀ ਤੇ ਗੁਰੂ ਆਖ ਰਹੇ ਨੇ ਦੇਖਨ ਆਇਓ ਜਗਤ ਤਮਾਸ਼ਾ ਇਹਦਾ ਮਤਲਬ ਗੁਰੂ ਮਹਿਸੂਸ ਕਰਦਾ ਹੈ ਕਿ ਸੱਚ ਨੂੰ ਕੇਵਲ ਕੋਈ ਫ਼ਿਲਮਾ ਰਿਹਾ ਹੈ, ਸੱਚ ਦਾ ਕੋਈ ਪਾਰਟ ਅਦਾ ਕਰ ਰਿਹਾ ਹੈ ਤੇ ਪਾਰਟ ਸੱਚ ਨਹੀਂ। ਕਿਤੇ ਐਸਾ ਤੇ ਨਹੀਂ ਕਿ ਉਸ ਤਮਾਸ਼ੇ ਵਿੱਚ ਅਸੀਂ ਵੀ ਸ਼ਾਮਿਲ ਹੋ ਗਏ ਹੋਈਏ।

ਸਿੱਖੀ ਇਕ ਸਿਧਾਂਤ ਹੈ, ਸਿੱਖ ਇਕ ਸੱਚ ਹੈ ਪਰ ਜਿਹੜਾ ਅੱਜ ਸੰਸਾਰ ਦੇ ਮੰਚ ’ਤੇ ਸਿੱਖੀ ਦਾ ਪਾਰਟ ਅਦਾ ਕਰ ਰਿਹਾ ਹੈ, ਉਹ ਜ਼ਿਆਦਾਤਰ ਤਮਾਸ਼ਾ ਹੈ। ਤੇ ਤਮਾਸ਼ੇ ਦੀ ਨਿਸ਼ਾਨੀ ਕੀ ਹੁੰਦੀ ਹੈ? ਇਕ ਉਦਾਹਰਣ ਦੇਣਾ ਚਾਹਾਂਗਾ-ਜਦੋਂ ਕਿਸੇ ਨੇ ਤਮਾਸ਼ਾ   ਰਚਨਾ ਹੁੰਦਾ ਹੈ ਉਦੋਂ ਕਈ ਵਾਰ ਗਰੀਬ ਸਧਾਰਨ ਮਨੁੱਖ ਨੂੰ ਫੜ ਕੇ ਲੈ ਆਉਂਦੇ ਨੇ ਤੇ ਉਹ ਨੂੰ ਆਖਦੇ ਨੇ-ਭਈ ਦੇਖ! ਸਾਡੇ ਤਮਾਸ਼ੇ ਵਿੱਚ ਇਕ ਤੂੰ  ਪਾਰਟ ਕਰਨਾ ਹੈ, ਤੂੰ ਬਾਦਸ਼ਾਹ ਵਾਲੇ ਖ਼ੂਬਸੂਰਤ ਕਪੜੇ ਪਾ ਕੇ ਤਖ਼ਤ ’ਤੇ ਬਹਿ ਜਾਈਂ, ਲੋਕ ਤੇਰੇ ਸਾਹਮਣੇ ਸਲਾਮਾਂ ਵੀ ਕਰਨਗੇ, ਉਸੇ ਤਰ੍ਹਾਂ ਹਾਕਮ ਬਣ ਕੇ ਹਕੂਮਤ ਵੀ ਕਰੀਂ, ਸ਼ਾਮਾਂ ਨੂੰ ਜਦੋਂ ਪਾਰਟ ਖ਼ਤਮ ਹੋ ਜਾਏਗਾ, ਜਦੋਂ ਇਹ ਨਾਟਕ ਖ਼ਤਮ ਹੋ ਜਾਏਗਾ, ਉਸੇ ਵੇਲੇ ਤੈਨੂੰ ਪੰਜਾਹ ਰੁਪਏ ਦਿਹਾੜੀ ਮਿਲ ਜਾਏਗੀ। ਕਪੜੇ ਖ਼ੂਬਸੂਰਤ ਪਹਿਨਾ ਦਿੱਤੇ, ਬਹਿ ਗਿਆ ਤਖ਼ਤ ਤੇ ਅਤੇ ਹਕੂਮਤ ਵੀ ਕਰ ਰਿਹਾ ਹੈ। ਜਿਹੜੇ ਤਾਂ ਅੱਖਾਂ ਖੋਲ੍ਹ ਕੇ ਨਹੀਂ ਵੇਖਦੇ ਤੇ ਜਿਨ੍ਹਾਂ ਨੇ ਇਹ ਤਮਾਸ਼ਾ ਦੇਖਿਆ ਹੀ ਨਹੀਂ, ਉਹਨਾਂ ਨੂੰ ਤਾਂ ਨਹੀਂ ਪਤਾ। ਜਿਨ੍ਹਾਂ ਨੇ ਉਸ ਤਮਾਸ਼ੇ ਦੇ ਦੇਖਣ ਵਿੱਚ ਹਿੱਸਾ ਲਿਆ, ਉਹਨਾਂ ਨੂੰ ਪਤਾ ਹੈ ਕਿ ਕੋਈ ਕੱਲ ਦਾ ਮੰਗਤਾ, ਦਰ-ਦਰ ਮੰਗਣ ਵਾਲਾ, ਗਲੀਆਂ-ਬਜ਼ਾਰਾਂ ਵਿੱਚ ਮਜ਼ਦੂਰੀ ਕਰਨ ਵਾਲੇ ਨੂੰ ਇਹ ਕਪੜੇ ਪਹਿਨਾ ਕੇ ਤਖ਼ਤ ’ਤੇ ਬਿਠਾ ਦਿੱਤਾ ਗਿਆ ਹੈ ਅਤੇ ਉਹ ਹਕੂਮਤ ਕਰਨ ਵਾਲੇ ਨੂੰ ਇਹ ਕਪੜੇ ਪਹਿਨਾ ਕੇ ਤਖ਼ਤ ’ਤੇ ਬਿਠਾ ਦਿੱਤਾ ਗਿਆ ਹੈ ਤੇ ਉਹ ਹਕੂਮਤ ਕਰ ਰਿਹਾ ਹੈ। ਤਾਂ ਵਿਸ਼ਵਾਸ਼ ਕਰਿਓ! ਉਹ ਖ਼ੂਬਸੂਰਤ ਕਪੜੇ ਪਾ ਕੇ ਖ਼ੁਸ਼ ਨਹੀਂ ਹੋ ਰਿਹਾ, ਇਸ ਲਈ ਕਪੜਿਆਂ ਦੀ ਉਹਨੂੰ ਖ਼ੁਸ਼ੀ ਕੋਈ ਨਹੀਂ, ਆਪਣੇ ਭੇਖ ਦੀ ਉਹਨੂੰ ਖ਼ੁਸ਼ੀ ਬਿਲਕੁਲ ਕੋਈ ਨਹੀਂ ਉਹ ਤੇ ਉਹਨੇ ਲੋਕਾਂ ਵਾਸਤੇ ਪਾਏ ਨੇ, ਕਿਸੇ ਲੋੜ ਲਈ ਪਾਏ ਨੇ, ਉਹ ਬਾਦਸ਼ਾਹ ਤਾਂ ਹੈ ਨਹੀਂ। ਉਹ ਤਾਂ ਕੇਵਲ ਐਨੀ ਕੁ ਖ਼ੁਸ਼ੀ ਮਾਨ ਰਿਹਾ ਹੈ ਕਿ ਭਲਾ ਕਦੋਂ ਇਹ 4-6 ਘੰਟੇ ਦਾ ਨਾਟਕ, ਤਮਾਸ਼ਾ ਖ਼ਤਮ ਹੋਵੇ ਮੈਂ ਇਹ ਕਪੜੇ ਲਾ ਕੇ ਵਗ੍ਹਾ ਮਾਰਾਂ, ਮੈਨੂੰ ਪੰਜਾਹ ਰੁਪਏ ਦਿਹਾੜੀ  ਮਿਲੇ ਤੇ ਮੈਂ ਤੁਰਾਂ। ਉਹ ਤਾਂ ਪੰਜਾਹ ਰੁਪਏ ਦਿਹਾੜੀ ਲਈ ਬੈਠਾ ਹੈ ਕਪੜੇ ਪਾ ਕੇ ਬਾਦਸ਼ਾਹ ਦੇ। ਕਪੜੇ ਬਾਦਸ਼ਾਹ ਦੇ ਪਰ ਉਡੀਕ ਪੰਜਾਹ ਰੁਪਏ ਦਿਹਾੜੀ ਦੀ। ਸਤਿਗੁਰੂ ਨੇ ਬਾਣੀ ’ਚ ਇਕ ਸ਼ਬਦ ਵਿੱਚ ਵੀ ਜ਼ਿਕਰ ਕੀਤਾ ਹੈ- ਅਨਿਕ ਸ੍ਵਾਂਗ ਕਾਛੇ ਭੇਖਧਾਰੀ॥ ਜੈਸੋ ਸਾ ਤੈਸੋ ਦ੍ਰਿਸਟਾਰੀ॥ (ਪੰਨਾ 1299) ਕਹਿਣ ਲੱਗੇ-ਅਨੇਕ ਸੁਆਂਗ ਰਚਦਾ ਹੈ ਸੁਆਂਗ ਰਚਣਵਾਲਾ ਸੁਆਂਗੀ, ਨਾਟਕਕਾਰ ਪਰ ਜਦੋਂ ਕਪੜੇ ਲਾਹੁੰਦੇ ਹੈ ਉਦੋਂ ਪਤਾ ਲੱਗਦਾ ਹੈ, ਇਹ ਜਿਹੋ ਜਿਹਾ ਸੀ ਉਹੋ ਜਿਹਾ ਹੀ ਹੈ। ਕਪੜੇ ਤਾਂ ਇਹਨੇ ਕੇਵਲ ਦੋ-ਚਾਰ ਘੰਟੇ ਲਈ ਪਹਿਨੇ ਸਨ ਕੇਵਲ ਮਜ਼ਦੂਰੀ ਲੈਣ ਦੀ ਖ਼ਾਤਰ ਬਸ। ਜਿਹੜਾ ਇਉਂ ਕਪੜੇ ਪਾਵੇ, ਉਸ ਨੂੰ ਅਸੀਂ ਆਖ ਦੇ ਹਾਂ ਨਾਟਕਕਾਰ, ਤਮਾਸ਼ੇ ਵਾਲਾ ਜਿਹੜਾ ਅਸਲ ਜੀਵਨ ਦੇ ਸਿਧਾਂਤ ’ਤੇ ਨਿਰਭਰ ਹੁੰਦਾ ਹੈ ਪਰ ਕਰਨ ਵਾਲਾ ਅਸਲ ਨਹੀਂ ਹੁੰਦਾ। ਕੋਈ ਅਕਬਰ ਦੇ ਅਸਲ ਰੂਪ ’ਤੇ ਨਿਰਭਰ ਹੈ ਪਰ ਅਕਬਰ ਦਾ ਪਾਰਟ ਅਦਾ ਕਰਨ ਵਾਲਾ ਤਾਂ ਅਕਬਰ ਨਹੀਂ। ਕੋਈ ਮਹਾਰਾਜ ਰਣਜੀਤ ਸਿੰਘ ਦੇ ਨਾਂ ’ਤੇ ਨਾਟਕ ਖੇਡਿਆ ਜਾ ਰਿਹਾ ਹੈ, ਬਣਤਰ ਉਹੋ ਹੀ ਹੈ, ਕਹਾਣੀ ਉਹੋ ਹੀ ਹੈ ਜੋ ਕਦੀ ਅਸਲ ਸੀ ਪਰ ਮਹਾਰਾਜਾ ਬਣ ਬੈਠਣ ਵਾਲਾ ਤਾਂ ਮਹਾਰਾਜਾ ਰਣਜੀਤ ਸਿੰਘ ਨਹੀਂ। ਬਸ! ਮੈਨੂੰ ਅੱਜ ਦੀ ਸਾਡੀ ਜ਼ਿੰਦਗੀ ਦੇ ਤਮਾਸ਼ੇ ਵਿੱਚੋਂ ਇਹੋ ਦਿੱਸਦਾ ਹੈ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ਼ ਦੁਆਉਣਾ ਚਾਹੁੰਦਾ ਹਾਂ ਕਿ ਮਤ ਸਮਝਿਓ, ਗੁਰੂ ਕੋਲੋਂ ਇਹ ਤਮਾਸ਼ਾ ਭੁੱਲਿਆ ਹੋਇਆ ਹੈ, ਅਸੀਂ-ਤੁਸੀਂ ਬੇਸ਼ੱਕ ਅੱਖਾਂ ਮੀਟ ਕੇ ਲੰਘ ਜਾਈਏ ਪਰ ਗੁਰੂ ਦੇਖ ਰਿਹਾ ਹੈ ਕਿ ਸਿੱਖ ਸਿਧਾਂਤ ਕਿਵੇਂ ਰੋਲਿਆ ਜਾ ਰਿਹਾ ਹੈ, ਸੰਸਾਰ ਅੰਦਰ ਇਕ ਸਿੱਖੀ ਦਾ ਨਾਟਕ ਹੋ ਰਿਹਾ ਹੈ। ਧਾਰਮਿਕ ਪਦਵੀਆਂ ਦੇ ਮੁਖੀ ਵੀ ਅੱਜ ਝੂਠੀ ਸਿਆਸਤ ਦੀ ਖੇਡ ਦੇ ਭਾਈਵਾਰ ਦਿੱਸਦੇ ਹਨ। ਇਕ ਪਾਸੇ ਆਖਿਆ ਜਾਂਦਾ ਕਿ 1999 ਦੀ ਵਿਸਾਖੀ ’ਚੋਂ ਸਿੰਘੋਂ ਸਾਰੀ ਕੌਮ ਨੂੰ ਅੰਮ੍ਰਿਤਧਾਰੀ ਕਰ ਦੇਈਏ, ਦੂਜੇ ਪਾਸੇ ਸ਼ਰਾਬ ਪੀਣ ਵਾਲੇ ਅਤੇ ਸ਼ਰਾਬ ਦੇ ਠੇਕਿਆਂ ਦੇ ਵੱਡੇ ਠੇਕੇਦਾਰ ਅੱਜ ਦੇ ਪੰਥ ਦੇ ਆਗੂਆਂ ਵਿੱਚ ਸ਼ਾਮਲ ਹਨ। ਪਰ ਸਿੱਖੀ ਨਾਅਰਿਆਂ ’ਤੇ ਵਿਸ਼ਵਾਸ਼ ਨਹੀਂ ਰੱਖਦੀ, ਸਿੱਖੀ ਵਿਸ਼ਵਾਸ਼ ਰਖਦੀ ਹੈ practical implication ’ਤੇ, ਤੁਸੀਂ ਕਰਦੇ ਕੀ ਹੈ?

ਇਸ ਨੂੰ ਇਕ ਉਦਾਹਰਣ ਲੈ ਕੇ ਸਮਝੀਏ-ਕਦੀ ਇਹ ਗੱਲ ਔਰੰਗਜ਼ੇਬ ਨੇ ਵੀ ਸੋਚੀ ਸੀ ਕਿ ਸਾਰੇ ਹਿੰਦੁਸਤਾਨੀਆਂ ਨੂੰ ਮੁਸਲਮਾਨ ਕਰ ਦੇਣਾ ਹੈ। ਤੇ ਔਰੰਗਜ਼ੇਬ ਬੜਾ ਸਿਆਣਾ ਸੀ, ਸਾਡੇ ਨਾਲੋਂ ਸਿਆਣਾ ਸੀ, ਉਹਨੇ ਆਖਿਆ ਕਿ ਜਿੰਨੇ ਹਿੰਦੁਸਤਾਨ ਵਿੱਚ ਹਿੰਦੂ ਵੱਸਦੇ ਨੇ ਉਹ ਸਾਰੇ ਕਿਸੇ ਨਾ ਕਿਸੇ ਬ੍ਰਾਹਮਣ ਦੇ ਘੇਰੇ ਵਿੱਚ ਹਨ, ਕਿਉਂਕਿ ਹਿੰਦੂ ਬ੍ਰਾਹਮਣ ਦੀ ਅਗਵਾਈ ਵਿੱਚ ਹੁੰਦਾ ਹੈ। ਧਾਰਮਿਕ ਤੌਰ ’ਤੇ ਹਿੰਦੂਮਤ ਦਾ ਆਗੂ ਬ੍ਰਾਹਮਣ ਹੈ। ਇਸ ਲਈ ਔਰੰਗਜ਼ੇਬ ਨੇ ਸੋਚਿਆ ਕਿ ਮੈਂ ਬ੍ਰਾਹਮਣ ਨੂੰ ਮੁਸਲਮਾਨ ਬਣਾ ਲਵਾਂ ਤਾਂ ਸਾਰੀ ਹਿੰਦੂ ਕੌਮ ਨੂੰ ਮੁਸਲਮਾਨ ਬਣਾਉਣਾ ਅਸਾਨ ਹੋ ਜਾਏਗਾ ਤੇ ਜਦੋਂ ਉਹ ਮੁਸਲਮਾਨ ਹੋ ਜਾਣਗੇ ਉਹ ਆਪੇ ਹੋਰਨਾਂ ਨੂੰ ਪ੍ਰੇਰ-ਪ੍ਰੇਰ ਕੇ ਮੁਸਲਮਾਨ ਬਣਾਈ ਜਾਣਗੇ। ਔਰੰਗਜ਼ੇਬ ਨੇ ਐਨੀ ਖ਼ੂਬਸੂਰਤ ਕਾਢ ਕੱਢੀ, ਉਹਨੇ ਫ਼ੈਸਲਾ ਕੀਤਾ ਕਿ ਸਭ ਤੋਂ ਪਹਿਲਾਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਓ ਤੇ ਬ੍ਰਾਹਮਣ ਦਾ ਸਭ ਤੋਂ ਵੱਡਾ ਘਰ ਸੀ ਕਸ਼ਮੀਰ। ਉਹਨੇ ਆਪਣਾ ਕੰਮ ਕਸ਼ਮੀਰ ਤੋਂ ਆਰੰਭ ਕੀਤਾ। ਇਹੋ ਕਾਰਣ ਸੀ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਪਨਾਹ ਲੈਣ ਲਈ ਆਏ ਕਿਉਂਕਿ ਕੰਮ ਉਥੋਂ ਸ਼ੁਰੂ ਹੋਇਆ। ਮੈਂ ਇਕ ਅਰਜ਼ ਕਰਾਂ, ਭਾਵੇਂ ਕਿਸੇ ਦੁਸ਼ਮਣ ਦੇ ਵਿੱਚੋਂ ਵੀ ਕੋਈ ਗੁਣ, ਕੋਈ ਚੰਗਿਆਈ, ਕੋਈ ਪ੍ਰੇਰਣਾ ਮਿਲੇ ਤਾਂ ਲੈ ਲੈਣੀ ਚਾਹੀਦੀ ਹੈ। ਜੇ ਤੁਹਾਡੇ ਮਨ ਵਿੱਚ ਇਹ ਸੀ ਕਿ ਸੰਪੂਰਨ ਸਿੱਖੀ ਨੂੰ ਅੰਮ੍ਰਿਤਧਾਰੀ ਕਰ ਦੇਣਾ ਹੈ, ਤਾਂ ਬਹੁਤ ਵਧੀਆ ਸੋਚ ਹੈ। ਪਰ ਇਸ ਲਈ ਤਰੀਕਾ ਤੇ ਅਪਣਾਓ।

ਕਿਉਂਕਿ ਹਰ ਸਿੱਖ ਕਿਸੇ ਨਾ ਕਿਸੇ ਗੁਰਦੁਆਰੇ ਨਾਲ ਸਬੰਧਿਤ ਹੈ, ਜਿੱਥੇ ਦਸ ਸਿੱਖ ਜਿਸ ਮਹੱਲੇ ਵਿੱਚ ਰਹਿੰਦੇ ਹਨ, ਉਥੇ ਗੁਰਦੁਆਰਾ ਜ਼ਰੂਰ ਬਣਾ ਲੈਂਦੇ ਹਨ। ਇਸ ਲਈ ਸਭ ਤੋਂ ਆਸਾਨ ਤਰੀਕਾ ਹੋਵੇਗਾ, ਸਭ ਤੋਂ ਪਹਿਲਾਂ ਜੇ ਕਦੇ ਅਸੀਂ ਕੇਵਲ ਤੇ ਕੇਵਲ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਅੰਮ੍ਰਿਤਧਾਰੀ ਕਰ ਲਈਏ, ਤੇ ਬਾਕੀ ਸਾਰੀ ਕੌਮ ਨੂੰ ਅੰਮ੍ਰਿਤਧਾਰੀ ਕਰਨਾ ਅਸਾਨ ਹੋ ਜਾਵੇਗਾ। ਜੇ ਉਹ ਅੰਮ੍ਰਿਤਧਾਰੀ ਹੋਣਗੇ, ਕਿਉਂਕਿ ਹਰ ਸਿੱਖ ਨੇ ਕਿਸੇ ਨਾ ਕਿਸੇ ਗੁਰਦੁਆਰੇ ਜਾਣਾ ਹੈ, ਅੰਮ੍ਰਿਤਧਾਰੀ ਪ੍ਰਬੰਧਕ ਅੰਮ੍ਰਿਤ ਲਈ ਪ੍ਰੇਰਣਾ ਦੇਣਗੇ ਤਾਂ ਇਹ ਅਸਾਨ ਹੋ ਜਾਵੇਗਾ। ਇਕ-ਇਕ ਥਾਵੇਂ ਸਾਨੂੰ ਪਹੁੰਚਣ ਦੀ ਬਜਾਏ ਪ੍ਰਬੰਧਕ ਆਪੇ ਹੀ ਕੰਮ ਕਰੀਂ ਜਾਣਗੇ, ਜੇ ਅਸੀਂ ਮੁੱਢਲੇ ਰੂਪ ਵਿੱਚ ਕੇਵਲ ਪ੍ਰਬੰਧਕਾਂ ਨੂੰ ਹੀ ਅੰਮ੍ਰਿਤਧਾਰੀ ਬਣਾ ਲਈਏ। ਇਸ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਆਪਣੇ ਆਪ ਨੂੰ ਪੰਥ ਅਖਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਹਿਲਾਂ ਬੁਲਾ ਕੇ ਇਹਨਾਂ ਸਭ ਤੋਂ ਪੁੱਛਿਆ ਜਾਏ ਕਿ ਸਾਰੇ ਅੰਮ੍ਰਿਤਧਾਰੀ ਹਨ ਕਿ ਨਹੀਂ, ਜਿਨ੍ਹਾਂ ਵਿੱਚ ਕਮਜ਼ੋਰੀ ਨਜ਼ਰ ਆਵੇ ਉਹਨਾਂ ਨੂੰ ਅੰਮ੍ਰਿਤਧਾਰੀ ਨਿਯਮਾਂ ਵਿੱਚ ਲੈ ਆਇਆ ਜਾਏ। ਇਹ ਕੰਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸਾਨੀ ਨਾਲ ਹੋ ਸਕਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪਿਆਰ ਸਹਿਤ ਸਿੱਖਾਂ ਦੇ ਸਾਰੇ ਗੁਰਦੁਆਰਿਆਂ ਅਤੇ ਧਰਮ ਸਥਾਨਾਂ ਦੇ ਪ੍ਰਬੰਧਕਾਂ ਨੂੰ ਅੰਮ੍ਰਿਤਧਾਰੀ ਹੋਣ ਲਈ ਹਦਾਇਤਾਂ ਕੀਤੀਆਂ ਜਾਣ। ਆਪਾਂ ਸਾਰੀ ਕੌਮ ਨੂੰ ਅੰਮ੍ਰਿਤਧਾਰੀ ਉਹਨਾਂ ਦੇ ਘਰ ਪੁੱਜ ਕੇ ਨਹੀਂ ਬਣਾ ਸਕਾਂਗੇ। ਆਪਣੇ ਕੇਵਲ ਨਾਅਰੇ ਰਹਿ ਜਾਣਗੇ ਤੇ ਗੁਰਮਤਿ ਦੀ ਦੁਨੀਆ ਵਿੱਚ ਨਿਰਾ ਨਾਅਰਾ ਵੀ ਪ੍ਰਵਾਨ ਨਹੀਂ,  ਕਰਨੀ ਪ੍ਰਵਾਨ ਹੈ- ਕਹਨ ਕਹਾਵਨ ਸਗਲ ਜੰਜਾਰ॥ ਨਾਨਕ ਦਾਸ ਸਚੁ ਕਰਣੀ ਸਾਰ॥ (ਪੰਨਾ 1299) ਕਰਨੀ ਦੀ ਜ਼ਰੂਰਤ ਹੈ, ਕਥਨੀ ਦੀ ਨਹੀਂ। ਇਸ ਲਈ ਉਪਰਾਲਾ ਉਹ ਕਰੋ ਜਿਹਦੇ ਵਿੱਚ ਸਾਰਿਆਂ ਦਾ ਭਵਿੱਖ ਹੈ, ਉਹ practically ਸਾਹਮਣੇ ਨਜ਼ਰ ਆਵੇ। ਤੇ ਮੈਂ ਫੇਰ ਦੋਹਰਾਉਣਾ ਚਾਹੁੰਦਾ ਹਾਂ, ਪਹਿਲਾਂ ਪ੍ਰਬੰਧਕ ਵੀਰਾਂ ਨੂੰ ਅੰਮ੍ਰਿਤਧਾਰੀ ਕਰੋ। ਅੱਜ ਸਾਨੂੰ ਇਉਂ ਦਿੱਸਦਾ ਹੈ ਜਿਵੇਂ ਸਾਡਾ ਜੀਵਨ ਇਕ ਸਿੱਖੀ ਦਾ ਨਾਟਕ ਬਣ ਗਿਆ ਹੈ, ਜਿਵੇਂ ਸਾਡੀ ਜ਼ਿੰਦਗੀ ਸਿੱਖੀ ਦਾ ਤਮਾਸ਼ਾ ਬਣ ਕੇ ਰਹਿ ਗਈ ਹੈ। ਅਸੀਂ ਤੁਸੀਂ ਅੱਖਾਂ ਮੀਟ ਲਈਏ, ਖ਼ਾਮੋਸ਼ ਹੋ ਕੇ ਲੰਘ ਜਾਈਏ ਪਰ ਗੁਰੂ ਜਿਵੇਂ ਸਦੀਆਂ ਪਹਿਲਾਂ ਜਗਤ ਤਮਾਸ਼ਾ ਦੇਖ ਰਿਹਾ ਸੀ, ਉਸੇ ਤਰ੍ਹਾਂ ਅੱਜ ਇਸ ਸਿੱਖੀ ਤਮਾਸ਼ਾ ਨੂੰ ਵੀ ਦੇਖ ਰਿਹਾ ਹੈ ਤੇ ਨਾਲ ਇਹ ਵੀ ਕਹਿੰਦਾ ਹੈ-ਭਲਿਓ, ਮੈਂ ਤਮਾਸ਼ਾ ਵੇਖ ਕੇ ਖ਼ਾਮੋਸ਼ ਨਹੀਂ ਰਹਿ ਸਕਦਾ, ਸਤਿਗੁਰੂ ਕਹਿੰਦੇ ਨੇ- ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋਂ॥ ਮ੍ਰਿਤ ਲੋਕ ਤੇ ਮੋਨ ਨ ਰਹਿ ਹੋਂ॥ (ਬਚਿਤ੍ਰ ਨਾਟਕ)

ਇਕ ਖ਼ਿਆਲ ਕਰਿਓ! ਰਾਤ ਦੇ ਅੰਧੇਰੇ ਵਿੱਚ ਕੁਝ ਨਾ ਦਿੱਸਦਾ ਹੋਵੇ, ਅੱਖਾਂ ਵਿੱਚ ਵੀ ਜੋਤ ਨਾ ਹੋਵੇ ਤੇ ਕੋਈ ਮਨੁੱਖ ਰਾਹ ਜਾਂਦਿਆਂ ਠੇਡਾ ਖਾ ਕੇ ਖੂਹ ਵਿੱਚ ਡਿੱਗ ਪਵੇ ਪਰ ਦੂਜੇ ਪਾਸੇ ਉਹ ਮਨੁੱਖ ਹੋਵੇ ਜਿਹੜਾ ਦਿਨ ਦੇ ਚਾਨਣ ਵਿੱਚ ਆਪ ਖੂਹ ’ਚ ਛਾਲ ਮਾਰੇ। ਦੋਹਾਂ ਦੇ ਡਿੱਗਣ ਦੀ ਅਵਾਜ਼ ਸੁਣ ਕੇ ਕੋਈ ਆਵੇ ਤੇ ਉਹਨਾਂ ਦੋਹਾਂ ਨੂੰ ਬਾਹਰ ਕੱਢ ਲਏ। ਭਲਾ, ਦੋਹਾਂ ਵਿੱਚੋਂ ਕਿਸੇ ਨੂੰ ਸਜ਼ਾ ਮਿਲੇਗੀ, ਕਿਸੇ ਨੂੰ ਛੱਡਿਆ ਵੀ ਜਾਏਗਾ ਹਾਲਾਂਕਿ ਜਾਨ ਉਹਨਾਂ ਦੀ ਆਪਣੀ ਹੈ। ਜਿਹੜਾ ਡਿੱਗ ਪਿਆ ਹੈ ਜੋਤ ਨਾ ਹੋਣ ਕਰਕੇ, ਹਨ੍ਹੇਰੇ ਕਰਕੇ ਅਨਜਾਣੇ ਡਿੱਗ ਪਿਆ ਹੈ ਉਹਦੀ ਜਾਨ ਆਪਣੀ ਹੈ ਅਤੇ ਜਿੰਨੇ ਜਾਣ ਕੇ ਛਾਲ ਮਾਰੀ ਹੈ ਉਹਦੀ ਵੀ ਜਾਨ ਆਪਣੀ ਹੈ। ਪਰ ਤੁਸੀਂ ਵੇਖਦੇ ਹੋ ਜਿਹੜਾ ਜਾਣ ਕੇ ਛਾਲ ਮਾਰਦਾ ਹੈ, ਜੇ ਉਹ ਬੱਚ ਜਾਏ ਤਾਂ ਉਹਦੇ ਤੇ ਕੇਸ ਦਾਇਰ ਹੁੰਦਾ ਹੈ। ਖੂਹ ਵਿੱਚੋਂ ਉਹਨੂੰ ਕੱਢ ਲੈਂਦੇ ਨੇ, ਜੇਲ੍ਹ ਵਿੱਚ ਸੁੱਟ ਦਿੰਦੇ ਨੇ, ਬੜੀ ਅਜੀਬ ਗੱਲ ਹੈ। ਜੇ ਉਹ ਆਖੇ ਜਾਨ ਮੇਰੀ ਸੀ, ਮੈਂ ਆਪਣੀ ਜਾਨ ਆਪ ਗੁਆਉਣਾ ਚਾਹੁੰਦਾ ਹਾਂ। ਹਾਲਾਂਕਿ ਦੂਜਾ ਵੀ ਤੇ ਖੂਹ ਵਿੱਚ ਡਿੱਗਿਆ ਹੈ, ਜਿਹੜਾ ਡਿੱਗਿਆ ਹੈ ਉਹਨੂੰ ਤੁਸੀਂ ਕੱਢ ਕੇ ਹਮਦਰਦੀ ਜ਼ਾਹਿਰ ਕੀਤੀ ਹੈ। ਕੀ ਆਖਦੇ ਹੋ? ਕਹਿੰਦੇ ਨੇ, ਭਈ ਉਹ ਆਪ ਨਹੀਂ ਡਿੱਗਿਆ, ਉਹਦਾ ਦੋਸ਼ ਕੋਈ ਨਹੀਂ। ਜਿਹੜਾ ਖ਼ੁਦਕੁਸ਼ੀ ਕਰੇ, ਦੋਸ਼ੀ ਉਹ ਹੁੰਦਾ ਹੈ ਭਾਵੇਂ ਗੱਡੀ ਥੱਲ੍ਹੇ ਸਿਰ ਦਿੰਦਾ ਪਹਿਲਾਂ ਫੜਿਆ ਜਾਵੇ ਤੇ ਭਾਵੇਂ ਖੂਹ ਵਿੱਚ ਛਾਲ ਮਾਰਦਾ ਕੱਢ ਲਿਆ ਜਾਵੇ। ਕਿਉਂਕਿ ਉਹ ਆਪ ਮਰਜ਼ੀ ਨਾਲ ਖੂਹ ਵਿੱਚ ਛਾਲ ਮਾਰ ਰਿਹਾ ਹੈ ਇਸ ਲਈ ਉਹਦੀ ਸਜ਼ਾ ਉਸ ਨੂੰ ਮਿਲਦੀ ਹੈ। ਜਿਹੜਾ ਅਣਜਾਣੇ ਡਿੱਗ ਪਿਆ ਹੈ, ਉਹਦੇ ਨਾਲ ਹਮਦਰਦੀ ਹੈ, ਭਾਵੇਂ ਕੱਢਿਆ ਦੋਹਾਂ ਨੂੰ ਹੈ।

ਭਲਿਓ! ਦੁੱਖ ਇਸ ਗੱਲ ਦਾ ਹੁੰਦਾ ਹੈ ਜਦੋਂ ਅਣਜਾਣੇ ਕਿਸੇ ਐਸੀ ਥਾਵੇਂ, ਦੇਸ਼ ਵਿਦੇਸ਼ ਵਿੱਚ ਕੁਝ ਗੁਰਦੁਆਰਿਆਂ ਦੇ ਪ੍ਰਬੰਧਕ ਅੰਮ੍ਰਿਤਧਾਰੀ ਨਹੀਂ ਹਨ, ਜਿਨ੍ਹਾਂ ਨੇ ਗੁਰਮਤ ਨਾ ਪੜ੍ਹੀ ਹੋਵੇ, ਜਾਣੇ- ਅਣਜਾਣੇ ਕੋਈ ਗਲਤੀ ਕਰ ਬਹਿਣ ਤਾਂ ਉਹ ਤਾਂ ਇਉਂ ਹੀ ਹੋਵੇਗਾ ਜਿਵੇਂ ਅਣਜਾਣੇ ਕੋਈ ਖੂਹ ਵਿੱਚ ਡਿੱਗ ਪਿਆ। ਉਹਦੇ ਨਾਲ ਹਮਦਰਦੀ ਹੋ ਸਕਦੀ ਹੈ, ਭਈ ਉਹਨਾਂ ਨੂੰ ਪਤਾ ਨਹੀਂ, ਇਹਨਾਂ ਨੂੰ ਗੁਰਮਤ ਪੜ੍ਹਾਉਣ ਤੇ ਪਿਆਰ ਨਾਲ ਸਮਝਾਉ ਕਿ ਪ੍ਰਚਾਰਕ ਤੇ ਪ੍ਰਬੰਧਕ ਦਾ ਅੰਮ੍ਰਿਤਧਾਰੀ ਹੋਣਾ ਕਿਉਂ ਜ਼ਰੂਰੀ ਹੈ। ਪਰ ਸਾਡੀਆਂ ਮੁੱਖ ਸੰਸਥਾਵਾਂ ਦੇ ਪ੍ਰਬੰਧਕ ਵੀਰ ਜਿਹੜੇ ਗੁਰਮਤਿ ਦੇ ਆਗੂ ਅਖਵਾਉਂਦੇ ਹੋਣ, ਜਿਨ੍ਹਾਂ ਨੂੰ ਹਰ ਰੋਜ਼ ਇਸ ਲਈ ਮਾਨ-ਸਨਮਾਨ ਤੇ ਫ਼ੁੱਲਾਂ ਦੇ ਹਾਰ ਪਾਏ ਜਾਂਦੇ ਹੋਣਕਿ ਇਹ ਸਾਡੀ ਸਿੱਖੀ ਤੌਰ ’ਤੇ ਅਗਵਾਈ ਕਰਨਗੇ ਅਤੇ ਜੇ ਉਹ ਆਪ ਜਾਣਦੇ ਹੋਇਆਂ ਸਭ ਕੁਝ ਕਿ ਇਹ ਗੁਰਮਤਿ ਨਹੀਂ ਮਨਮਤ ਹੈ ਤੇ ਫੇਰ ਉਹਦੇ ਵਿੱਚ ਛਾਲ ਮਾਰਣ, ਉਹਨਾਂ ਨੂੰ ਗੁਰੂ ਨਹੀਂ ਬਖ਼ਸ਼ੇਗਾ। ਜਿਹੜਾ ਹੱਥ ਵਿੱਚ ਦੀਵਾ ਲੈ ਕੇ ਖੂਹ ਵਿੱਚ ਛਾਲ ਮਾਰੇ, ਉਹਦੇ ਨਾਲ ਕੋਈ ਲਿਹਾਜ਼ ਨਹੀਂ। ਕਬੀਰ ਮਨ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ (ਪੰਨਾ 1376)

ਗੁਰੂ ਨੇ ਅੱਖਾਂ ਨਹੀਂ ਮੀਟੀਆਂ ਹੋਈਆਂ, ਗੁਰੂ ਇਹ ਸਭ ਤਮਾਸ਼ਾ ਦੇਖ ਰਿਹਾ ਹੈ ਕਿ ਕਿਸ ਤਰ੍ਹਾਂ ਬਹੁਤੇ ਲੋਭ-ਲਾਲਚ ਤੇ ਝੂਠੀ ਸਿਆਸਤ ਦੀ ਰੱਸੀ ਨਾਲ ਬੱਝ ਕੇ ਇਕ ਵਰਨ ਹੋ ਰਹੇ ਹਨ ਅਤੇ ਧਰਮ ਦੀ, ਸਿੱਖੀ ਦੀ ਗਤੀ ਰੁੱਕ ਰਹੀ ਹੈ, ਸਿਧਾਂਤ ਦਾ ਦਮ ਘੁੱਟ ਰਿਹਾ ਹੈ। ਗੁਰੂ ਰਹਿਮਤ ਕਰੇ ਇਸ ਸਿੱਖੀ ਸਿਧਾਂਤ ਦੀ ਗਤੀ ਨੂੰ ਚਲਦਾ ਰੱਖੇ।

(‘ਉਜਾਰੋ ਦੀਪਾ’ ਕਿਤਾਬ ਵਿੱਚੋਂ)  

 

 

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ

‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405, 385)

‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5, 42)
 

‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6, 33)
 

‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ 405, 386)

‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।’’ (ਸਨਾਮਾ, 3)
 

‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
 

‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ, 21)
 

‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
 

‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
 

‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ, 19)
 

‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)